LearnEdu − Education & Courses HTML5 Template
#

Secretary's Message

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦਾ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਨਾਲ ਜੁੜੇ ਕਾਰਜਾਂ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ । ਮਾਨਵ ਭਲਾਈ ਦੀਆਂ ਸੇਵਾਵਾਂ ਨਾਲ ਜੁੜੀ ਕੜੀ ਵਿੱਚ ਸਿੱਖਿਆ ਦਾ ਵਿਸ਼ੇਸ਼ ਸਥਾਨ ਹੈ । ਅਜੋਕੇ ਦੌਰ ਵਿਚ ਗਲੋਬਲੀ ਸਰੋਕਾਰਾਂ ਨਾਲ ਰੂਬ-ਰੂ ਰਹੀ ਮਨੁੱਖਤਾ ਲਈ ਮਿਆਰੀ ਸਿੱਖਿਆ ਦਾ ਮਹੱਤਵ ਹੋਰ ਵੀ ਵਧੇਰੇ ਵੱਧ ਜਾਂਦਾ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਚਲ ਰਹੀਆਂ ਵਿਦਿਅਕ-ਸੰਸਥਾਵਾਂ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਜ਼ਰੂਰਤਾਂ ਅਨੁਸਾਰ ਸਿੱਖਿਅਤ ਕਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੀਆਂ ਹਨ । ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਇਲਾਕੇ ਦੀ ਵਿਦਿਅਕ ਸੰਸਥਾ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦਾ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਹੈ । ਇਸ ਕਾਲਜ ਨੇ ਸਿੱਖ-ਪੰਥ ਦੀਆਂ ਸਨਮਾਨਯੋਗ ਸਖ਼ਸ਼ੀਅਤਾਂ ਦੇ ਅਸ਼ੀਰਵਾਦ ਸਕਦਾ ਅਤੇ ਕਾਲਜ ਸੰਸਥਾਪਕ ਡਾ. ਮਹਿੰਦਰ ਸਿੰਘ ਰੰਧਾਵਾ (ਆਈ.ਸੀ.ਐੱਸ.) ਦੇ ਮਹੱਤਵਪੂਰਨ ਯੋਗਦਾਨ ਸਦਕਾ ਬੁਲੰਦੀਆਂ ਨੂੰ ਛੂਹਿਆ ਹੈ । ਇਸ ਸੰਸਥਾ ਨੇ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ, ਸਭਿਆਚਾਰਕ ਅਤੇ ਸਾਹਿਤਕ ਖੇਤਰਾਂ ਵਿਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ । ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਜਿੱਥੇ ਉੱਚ-ਅਹੁਦਿਆਂ ’ਤੇ ਬਿਰਾਜ਼ਮਾਨ ਹੋਏ ਹਨ ਉੱਥੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਚੰਗੇ ਸਮਾਜ ਸੇਵੀਆਂ ਵਜੋਂ ਆਪਣਾ ਅਹਿਮ ਯੋਗਦਾਨ ਵੀ ਪਾ ਰਹੇ ਹਨ । ਇਸ ਤਰ੍ਹਾਂ ਇਹ ਅਦਾਰਾ ਵਿਦਿਆ ਦੇ ਪਾਸਾਰ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪੈੜਾਂ ਸਿਰਜ ਰਿਹਾ ਹੈ । ਮੈਂ ਉਮੀਦ ਕਰਦਾ ਹਾਂ ਕਿ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਯੋਗ ਅਗਵਾਈ ਅਤੇ ਅਧਿਆਪਕ ਸਾਹਿਬਾਨ ਦੇ ਸਹਿਯੋਗ ਸਦਕਾ ਭਵਿੱਖ ਵਿਚ ਇਹ ਕਾਲਜ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਲੱਖਣ ਭੂਮਿਕਾ ਨਿਭਾਏਗਾ । ਨਵੇਂ ਵਿਦਿਅਕ ਵਰ੍ਹੇ (2023-2024) ਵਿਚ ਕਾਲਜ ਦਾਖ਼ਲੇ ਲਈ ਮੈਂ ਵਿਦਿਆਰਥੀਆਂ ਨੂੰ ਸ਼ੁੱਭ-ਇੱਛਾਵਾਂ ਦਿੰਦਾ ਹੋਇਆ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ।