LearnEdu − Education & Courses HTML5 Template
#

Principal's Desk

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲ ਰਹੀਆਂ ਵਿਦਿਅਕ-ਸੰਸਥਾਵਾਂ ਵਿੱਚੋਂ ਖ਼ਾਲਸਾ ਕਾਲਜ, ਗੜ੍ਹਦੀਵਾਲਾ (ਹੁਸ਼ਿਆਰਪੁਰ) ਦੀ ਆਪਣੀ ਵਿਲੱਖਣ ਪਹਿਚਾਣ ਹੈ । ਇਸ ਕਾਲਜ ਨੂੰ ਜਿੱਥੇ ਸਿੱਖ-ਪੰਥ ਦੀਆਂ ਸਨਮਾਨਯੋਗ ਸਖ਼ਸ਼ੀਅਤਾਂ ਮਹੰਤ ਸੇਵਾ ਦਾਸ ਜੀ, ਸੰਤ ਬਾਬਾ ਫਤਹਿ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਥਾਪਨਾ ਪ੍ਰਾਪਤ ਹੈ ਉੱਥੇ ਇਸ ਦੀ ਸਥਾਪਨਾ ਵਿਚ ਇਲਾਕੇ ਦੀ ਉੱਘੀ ਸਖ਼ਸ਼ੀਅਤ ਡਾ. ਮਹਿੰਦਰ ਸਿੰਘ ਰੰਧਾਵਾ (ਆਈ. ਸੀ. ਐੱਸ.) ਦਾ ਮਹੱਤਵਪੂਰਨ ਯੋਗਦਾਨ ਹੈ । ਇਨ੍ਹਾਂ ਸਨਮਾਨਯੋਗ ਸਖ਼ਸ਼ੀਅਤਾਂ ਦੁਆਰਾ ਕੰਢੀ ਖੇਤਰ ਦੇ ਪਛੜੇ ਇਲਾਕੇ ਵਿਚ ਕਾਲਜ ਸਥਾਪਿਤ ਕਰਨ ਦਾ ਉਦੇਸ਼ ਪਛੜੇ ਇਲਾਕੇ ਦੇ ਲੋਕਾਂ ਨੂੰ ਉੱਚ-ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਸਮੇਂ ਤੇ ਸਮਾਜ ਦੇ ਹਾਣੀ ਬਣਾਉਣਾ, ਸਾਖ਼ਰਤਾ ਦਰ ਨੂੰ ਵਧਾਉਣਾ ਅਤੇ ਮਨੁੱਖਤਾ ਅੰਦਰ ਮਾਨਵਵਾਦੀ ਕਦਰਾਂ-ਕੀਮਤਾਂ ਦਾ ਵਿਕਾਸ ਕਰਨਾ ਆਦਿ ਸੀ । ਇਨ੍ਹਾਂ ਮਹਾਨ ਸਖ਼ਸ਼ੀਅਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਾ ਖ਼ਾਲਸਾ ਕਾਲਜ, ਗੜ੍ਹਦੀਵਾਲਾ ਆਪਣੀ ਸਥਾਪਨਾ ਸੰਨ 1966 ਤੋਂ ਲੈ ਕੇ ਹੁਣ ਤੱਕ ਕਾਲਜ ਪ੍ਰਬੰਧ ਅਤੇ ਅਧਿਐਨ ਦੇ ਖੇਤਰ ਵਿਚ ਉੱਚ ਅਕਾਦਮਿਕ ਮਿਆਰਾਂ ਅਤੇ ਉੱਤਮਤਾ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਨਸ਼ੀਲ ਹੈ । ਸਮੇਂ-ਸਮੇਂ ਕਾਲਜ ਉੱਪਰ ਆਈਆਂ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਵੀ ਇਹ ਕਾਲਜ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਅਤੇ ਵਚਨਬੱਧ ਹੈ ।
ਸਿੱਖਿਆ ਸਮਾਜ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਰੋਲ ਅਦਾ ਕਰਦੀ ਹੈ । ਸਿੱਖਿਆ ਦੀ ਭੂਮਿਕਾ ਯਕੀਨੀ ਤੌਰ ’ਤੇ ਡਿਗਰੀਆਂ/ਸਰਟੀਫਿਕੇਟ, ਗਿਆਨ ਪ੍ਰਾਪਤੀ ਅਤੇ ਰੋਜ਼ਗਾਰ ਤੋਂ ਇਲਾਵਾ ਮਨੁੱਖ ਨੂੰ ਸਭਿਅਕ, ਵਿਵੇਕਸ਼ੀਲ, ਵਿਚਾਰਵਾਨ ਅਤੇ ਆਤਮ-ਨਿਰਭਰ ਬਣਾਉਣਾ ਹੈ । ਦੇਸ਼ ਦਾ ਭਵਿੱਖ ਤੇ ਵਿਕਾਸ ਵਿਦਿਆਰਥੀ ਵਰਗ ਉੱਪਰ ਨਿਰਭਰ ਕਰਦਾ ਹੈ । ਇਸ ਲਈ ਸਾਡੀ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ਵਿਚ ਉੱਤਮਤਾ ਦੀ ਛਾਪ ਛੱਡਣ ਦੇ ਯੋਗ ਬਣਾਉਣਾ ਹੈ । ਵਰਤਮਾਨ ਸਮੇਂ ਵਿਚ ਖ਼ਾਲਸਾ ਕਾਲਜ, ਗੜ੍ਹਦੀਵਾਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਮਾਨਤਾ ਅਧੀਨ ਆਰਟਸ, ਕਮਰਸ, ਬੀ.ਸੀ.ਏ., ਬੀ.ਐੱਸ-ਸੀ.(ਫੈਸ਼ਨ ਡਿਜ਼ਾਇਨਿੰਗ), ਬੀ.ਐੱਸ-ਸੀ.(ਜਨਰਲ),ਪੀ.ਜੀ.ਡੀ.ਸੀ.ਏ, ਅਤੇ ਪੋਸਟ-ਗ੍ਰੈਜੂਏਸ਼ਨ ਕੋਰਸ ਐੱਮ.ਏ., (ਪੰਜਾਬੀ ਤੇ ਰਾਜਨੀਤੀ ਸਾਸ਼ਤਰ), ਐੱਮ.ਕਾਮ ਅਤੇ ਐੱਮ.ਐੱਸ.ਸੀ (ਕਮਿਸਟਰੀ) ਆਦਿ ਕੋਰਸ ਚਲਾ ਰਿਹਾ ਹੈ । ਇਨ੍ਹਾਂ ਦੇ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ, ਐੱਨ.ਐੱਸ.ਐੱਸ., ਐੱਨ.ਸੀ.ਸੀ., ਰੈੱਡ ਰਿਬਨ, ਰੈੱਡ-ਕਰਾਸ ਅਤੇ ਖੇਡਾਂ ਆਦਿ ਗਤੀਵਿਧੀਆਂ ਵਿਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਦਾ ਹੈ । ਤਜ਼ਰਬੇਕਾਰ ਅਧਿਆਪਕਾਂ ਦੇ ਸਹਿਯੋਗ ਨਾਲ ਮੈਂ ਕਾਲਜ ਦੀ ਵਿਰਾਸਤ ਨੂੰ ਸੰਭਾਲਣ ਲਈ ਮਾਪਿਆਂ, ਵਿਦਿਆਰਥੀਆਂ ਅਤੇ ਭਾਈਚਾਰਕ ਭਾਈਵਾਲਾਂ ਦੇ ਸਹਿਯੋਗ ਦੀ ਉਮੀਦ ਕਰਦਾ ਹੋਇਆ ਨਵੇਂ ਵਿਦਿਅਕ ਵਰ੍ਹੇ (2023-2024) ਵਿਚ ਕਾਲਜ ਦਾਖ਼ਲੇ ਲਈ ਵਿਦਿਆਰਥੀਆਂ ਦਾ ਸਵਾਗਤ ਕਰਦਾ ਹਾਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ।